Genesis 21

1ਯਹੋਵਾਹ ਨੇ ਜਿਵੇਂ ਆਖਿਆ ਸੀ, ਉਸੇ ਤਰ੍ਹਾਂ ਸਾਰਾਹ ਉੱਤੇ ਨਜ਼ਰ ਕੀਤੀ ਅਤੇ ਉਸ ਲਈ ਆਪਣੇ ਬਚਨ ਦੇ ਅਨੁਸਾਰ ਕੀਤਾ । 2ਸਾਰਾਹ ਗਰਭਵਤੀ ਹੋਈ ਅਤੇ ਉਸੇ ਨਿਯੁਕਤ ਸਮੇਂ ਤੇ ਜੋ ਪਰਮੇਸ਼ੁਰ ਨੇ ਠਹਿਰਾਇਆ ਸੀ, ਅਬਰਾਹਾਮ ਲਈ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ । 3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ । 4ਅਤੇ ਜਦ ਅਬਰਾਹਾਮ ਦਾ ਪੁੱਤਰ ਇਸਹਾਕ ਅੱਠ ਦਿਨ ਦਾ ਹੋ ਗਿਆ, ਤਦ ਉਸਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਉਸ ਦੀ ਸੁੰਨਤ ਕਰਾਈ ।

5ਅਬਰਾਹਾਮ ਸੌ ਸਾਲ ਦਾ ਸੀ, ਜਦ ਉਸ ਦਾ ਪੁੱਤਰ ਇਸਹਾਕ ਜੰਮਿਆ । 6ਅਤੇ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਅਨੰਦ ਕੀਤਾ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਅਨੰਦ ਮਨਾਉਣਗੇ । 7ਉਸ ਨੇ ਆਖਿਆ, ਕੀ ਕੋਈ ਅਬਰਾਹਾਮ ਨੂੰ ਆਖ ਸਕਦਾ ਸੀ ਕਿ ਸਾਰਾਹ ਪੁੱਤਰਾਂ ਨੂੰ ਦੁੱਧ ਚੁੰਘਾਏਗੀ ? ਵੇਖੋ ਕਿਉਂਕਿ ਮੈਂ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ।

8ਉਹ ਮੁੰਡਾ ਵੱਧਦਾ ਗਿਆ ਅਤੇ ਉਹ ਦਾ ਦੁੱਧ ਛੁਡਾਇਆ ਗਿਆ ਅਤੇ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡੀ ਦਾਵਤ ਕੀਤੀ ।

9ਸਾਰਾਹ ਨੇ ਹਾਜ਼ਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ ।

10ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਅਤੇ ਇਹ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨੇ ਨਾਲ ਵਾਰਸ ਨਹੀਂ ਹੋਵੇਗਾ ।

11ਆਪਣੇ ਪੁੱਤਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਬਹੁਤ ਬੁਰੀ ਲੱਗੀ ।

12ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਇਹ ਗੱਲ ਇਸ ਮੁੰਡੇ ਅਤੇ ਤੇਰੀ ਦਾਸੀ ਦੇ ਵਿਖੇ ਤੇਰੀ ਨਜ਼ਰ ਵਿੱਚ ਬੁਰੀ ਨਾ ਲੱਗੇ । ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਮੰਨ ਕਿਉਂ ਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ । 13ਮੈਂ ਉਸ ਦਾਸੀ ਦੇ ਪੁੱਤਰ ਤੋਂ ਵੀ ਇੱਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ ।

14ਤਦ ਅਬਰਾਹਾਮ ਸਵੇਰੇ ਜਲਦੀ ਉੱਠਿਆ, ਰੋਟੀ ਅਤੇ ਪਾਣੀ ਦੀ ਇੱਕ ਮਸ਼ਕ ਲੈ ਕੇ ਹਾਜ਼ਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਦ ਉਹ ਚਲੀ ਗਈ ਅਤੇ ਬਏਰਸਬਾ ਦੀ ਉਜਾੜ ਵਿੱਚ ਭਟਕਦੀ ਰਹੀ । 15ਜਦ ਮਸ਼ਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ । 16ਆਪ ਸਾਹਮਣੇ ਇੱਕ ਤੀਰ ਦੀ ਮਾਰ ਦੀ ਦੂਰੀ ਉੱਤੇ ਜਾ ਬੈਠੀ, ਕਿਉਂ ਜੋ ਉਸ ਨੇ ਆਖਿਆ, ਮੈਂ ਬੱਚੇ ਦੀ ਮੌਤ ਨਾ ਵੇਖਾਂ, ਸੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ-ਉੱਚੀ ਰੋਣ ਲੱਗ ਪਈ ।

17ਤਦ ਪਰਮੇਸ਼ੁਰ ਨੇ ਉਸ ਮੁੰਡੇ ਦੇ ਰੋਣ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦੇ ਦੂਤ ਨੇ ਅਕਾਸ਼ ਤੋਂ ਹਾਜ਼ਰਾ ਨੂੰ ਪੁਕਾਰ ਕੇ ਆਖਿਆ, ਹਾਜ਼ਰਾ ਤੈਨੂੰ ਕੀ ਹੋਇਆ ? ਨਾ ਡਰ, ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਉੱਥੋਂ ਸੁਣ ਲਈ ਹੈ । 18ਉੱਠ ਅਤੇ ਮੁੰਡੇ ਨੂੰ ਚੁੱਕ ਲੈ ਅਤੇ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਇਸ ਨੂੰ ਵੀ ਇੱਕ ਵੱਡੀ ਕੌਮ ਬਣਾਵਾਂਗਾ ।

19ਤਦ ਪਰਮੇਸ਼ੁਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਉਹ ਜਾ ਕੇ ਮਸ਼ਕ ਨੂੰ ਪਾਣੀ ਨਾਲ ਭਰ ਲੈ ਆਈ ਅਤੇ ਮੁੰਡੇ ਨੂੰ ਪਿਲਾਇਆ । 20ਪਰਮੇਸ਼ੁਰ ਉਸ ਮੁੰਡੇ ਦੇ ਅੰਗ-ਸੰਗ ਸੀ ਅਤੇ ਉਹ ਵੱਧਦਾ ਗਿਆ, ਉਜਾੜ ਵਿੱਚ ਰਿਹਾ ਅਤੇ ਵੱਡਾ ਹੋਕੇ ਤੀਰ-ਅੰਦਾਜ਼ ਬਣਿਆ । 21ਉਹ ਪਾਰਾਨ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿੱਚੋਂ ਇੱਕ ਪਤਨੀ ਉਸ ਦੇ ਲਈ ਲੈ ਆਈ ।

22ਫੇਰ ਉਸ ਸਮੇਂ ਅਜਿਹਾ ਹੋਇਆ ਕਿ ਅਬੀਮਲਕ ਅਤੇ ਉਸ ਦੀ ਸੈਨਾ ਦੇ ਸਰਦਾਰ ਫ਼ੀਕੋਲ ਨੇ ਅਬਰਾਹਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ, ਉਸ ਵਿੱਚ ਪਰਮੇਸ਼ੁਰ ਤੇਰੇ ਸੰਗ ਹੈ । 23ਹੁਣ ਤੂੰ ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਪੁੱਤਰਾਂ, ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਰੇਂਗਾ । ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ, ਤੂੰ ਵੀ ਮੇਰੇ ਉੱਤੇ ਕਰੇਂਗਾ, ਇਸ ਦੇਸ਼ ਉੱਤੇ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਿਹਾ ਹੈਂ । 24ਅਬਰਾਹਾਮ ਨੇ ਆਖਿਆ, ਮੈਂ ਸਹੁੰ ਖਾਵਾਂਗਾ ।

25ਤਦ ਅਬਰਾਹਾਮ ਨੇ ਅਬੀਮਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ, ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਹ ਲਿਆ ਸੀ । 26ਤਦ ਅਬੀਮਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਸਨੇ ਕੀਤਾ ਅਤੇ ਤੂੰ ਵੀ ਮੈਨੂੰ ਨਹੀਂ ਦੱਸਿਆ । ਮੈਂ ਅੱਜ ਤੋਂ ਪਹਿਲਾਂ ਇਸ ਦੇ ਬਾਰੇ ਸੁਣਿਆ ਵੀ ਨਹੀਂ । 27ਤਦ ਅਬਰਾਹਾਮ ਨੇ ਭੇਡਾਂ ਗਾਈਆਂ ਅਤੇ ਬਲ਼ਦ ਲੈ ਕੇ ਅਬੀਮਲਕ ਨੂੰ ਦੇ ਦਿੱਤੇ ਅਤੇ ਦੋਵਾਂ ਨੇ ਆਪੋ ਵਿੱਚ ਨੇਮ ਬੰਨਿਆ ।

28ਅਬਰਾਹਾਮ ਨੇ ਭੇਡਾਂ ਦੀਆਂ ਸੱਤ ਲੇਲੀਆਂ ਲੈ ਕੇ ਵੱਖਰੀਆਂ ਕਰ ਲਈਆਂ 29ਤਦ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਇਨ੍ਹਾਂ ਸੱਤਾਂ ਵੱਖਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ ? 30ਉਸ ਨੇ ਆਖਿਆ, ਤੂੰ ਇਹ ਸੱਤ ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂ ਜੋ ਇਹ ਮੇਰੀਆਂ ਗਵਾਹ ਹੋਣ ਭਈ ਇਹ ਖੂਹ ਮੈਂ ਪੁੱਟਿਆ ਹੈ ।

31ਕਿਉਂ ਜੋ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ, ਇਸ ਲਈ ਉਸ ਥਾਂ ਦਾ ਨਾਮ ਬਏਰਸਬਾ ਪੈ ਗਿਆ । 32ਜਦ ਉਨ੍ਹਾਂ ਨੇ ਬਏਰਸਬਾ ਵਿੱਚ ਨੇਮ ਬੰਨ੍ਹਿਆ ਅਤੇ ਅਬੀਮਲਕ ਅਤੇ ਉਸ ਦੀ ਸੈਨਾ ਦਾ ਸਰਦਾਰ ਫ਼ੀਕੋਲ ਉੱਠੇ ਅਤੇ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ ।

33ਫਿਰ ਉਸ ਨੇ ਬਏਰਸਬਾ ਵਿੱਚ ਝਾਊ ਦਾ ਇੱਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅੱਗੇ ਜੋ ਅਟੱਲ ਪਰਮੇਸ਼ੁਰ ਹੈ ਪ੍ਰਾਰਥਨਾ ਕੀਤੀ । ਅਬਰਾਹਾਮ ਬਹੁਤਿਆਂ ਦਿਨਾਂ ਤੱਕ ਫ਼ਲਿਸਤੀਆਂ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਿਹਾ ।

34

Copyright information for PanULB